ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ਼ ਰਖਣ ਵਾਲੇ ਲੋਕ ਅਕਸਰ ਧਾਰਮਿਕ ਸਥਾਨਾਂ ਤੇ
ਜਾਂਦੇ ਰਹਿੰਦੇ ਹਨ I ਉਥੇ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਅਤੇ ਸੁਣਦੇ ਹਨ I ਇਸ ਤੋਂ ਇਲਾਵਾ
ਅੱਜ-ਕੱਲ੍ਹ ਜਗ੍ਹਾ-ਜਗ੍ਹਾ ਤੇ ਕਥਾ ਵਾਚਕਾਂ ਦੁਆਰਾ ਸਤਿਸੰਗ ਪ੍ਰਵਚਨ ਵੀ ਦਿੱਤੇ ਜਾਂਦੇ ਹਨ I
ਜਿੰਨਾ ਵਿੱਚ ਇਹ ਵਿਚਾਰ ਆਮ ਹੀ ਸੁਣਨ ਨੂੰ ਮਿਲਦੇ ਹਨ ਕਿ ਮਨੁਖਾ ਤਨ ਚੋਰਾਸੀ ਲਖ
ਜੂਨਾਂ ਭੋਗਣ ਤੋਂ ਬਾਅਦ ਮਿਲਿਆ ਹੈ ਅਤੇ ਜੀਵ ਆਤਮਾ ਕੇਵਲ ਮਨੁਖਾ ਤਨ ਧਾਰਨ ਕਰਕੇ
ਹੀ ਪਰਮਾਤਮਾ ਨੂੰ ਮਿਲ ਸਕਦੀ ਹੈ I ਪਰ ਗੁਰੂ ਦੀ ਕਿਰਪਾ ਤੋਂ ਬਿਨਾ ਕੋਈ ਵੀ ਪਰਮਾਤਮਾ
ਦਾ ਦਰਸ਼ਨ ਨਹੀਂ ਕਰ ਸਕਦਾ I ਇਸ ਲਈ ਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਹੀ ਇਹ ਜੀਵ
ਮਨੁਖਾ ਤਨ ਦਾ ਭਰਪੂਰ ਲਾਭ ਲੈ ਸਕਦਾ ਹੈ I ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਨ-
ਚਿਰੰਕਾਲ ਮਾਨਸ ਜਨਮ ਨਿਰਮੋਲੁ ਪਾਏ,
ਸਫਲ ਜਨਮ ਗੁਰ ਚਰਨ ਸਰਨ ਕੈ II
ਬਹੁਤ ਹੀ ਸਮੇਂ ਬਾਅਦ ਸਾਨੂੰ ਇਹ ਮਨੁਖਾ ਸਰੀਰ ਮਿਲਿਆ ਹੈ ਜੋ ਅਮੁੱਲ ਹੈ I ਕੋਈ ਵੀ ਇਸ ਨੂੰ
ਕੀਮਤ ਦੇ ਕੇ ਪ੍ਰਾਪਤ ਨਹੀਂ ਕਰ ਸਕਦਾ I ਇਹ ਜੀਵ ਚੋਰਾਸੀ ਲਖ ਜੂਨੀਆਂ ਦੇ ਵਿੱਚ ਭਟਕ ਰਿਹਾ
ਸੀ ਪਰਮਾਤਮਾਨੇ ਕਿਰਪਾ ਕਰਕੇ ਇਸ ਨੂੰ ਮਨੁਖਾ ਸਰੀਰ ਦਿੱਤਾ ਹੈ I ਇਸ ਲਈ ਭਾਈ ਗੁਰਦਾਸ ਜੀ
ਕਹੰਦੇ ਹਨ ਕਿ ਮਨੁਖਾ ਸਰੀਰ ਅਮੁੱਲ ਹੈ ਇਹ ਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਸਫਲ ਹੁੰਦਾ ਹੈ I
ਉਹ ਲਿਖਦੇ ਹਨ ਕਿ-
ਜੈਸੇ ਰੂਪ ਰੰਗ ਬਿਧਿ ਪੂਛੈ ਅੰਧੁ ਅੰਧ ਪ੍ਰਤਿ,
ਆਪ ਹੀ ਨ ਦੇਖੈ ਤਾਹਿ ਕੈਸੇ ਕੈ ਦਿਖਾਵਈ I
ਰਾਗ ਨਾਦ ਬਾਦ ਪੂਛੇ ਬਹਰੋ ਜਉ ਬਹਰਾ ਪੈ,
ਸਮਝੈ ਨ ਆਪਿ ਤਾਹਿ ਕੈਸੇ ਸਮਝਾਵਈ I
ਜੈਸੇ ਗੁੰਗ ਗੁੰਗ ਪਹਿ ਬਚਨ ਬਿਬੇਕ ਪੁਛੈ ਚਾਹੈ,
ਬੋਲਿ ਨ ਸਕਤ ਕੈਸੇ ਸਬਦ ਸੁਨਾਵਈ I
ਬਿਨੁ ਸਤਿਗੁਰ ਖੋਜੈ ਬ੍ਰਹਮ ਗਿਆਨ ਧਿਆਨ,
ਅਨਿਥਾ ਅਗਿਆਨ ਮਤਿ ਆਨ ਪੈ ਨ ਪਾਵਈ II
ਜਿਵੇਂ ਇੱਕ ਅੰਨ੍ਹਾ ਇਨਸਾਨ ਕਿਸੇ ਵੀ ਰੰਗ ਰੂਪ ਦੀ ਪਹਿਚਾਣ ਨਹੀਂ ਦੱਸ ਸਕਦਾ, ਬੋਲਾ ਸੰਗੀਤ ਦੇ ਬਾਰੇ
ਨਹੀਂ ਬਿਆਨ ਕਰ ਸਕਦਾ, ਗੂੰਗਾ ਬੋਲ ਕੇ ਨਹੀਂ ਦੱਸ ਸਕਦਾ I ਇਸੇ ਪ੍ਰਕਾਰ ਹੀ ਜੇਕਰ ਕੋਈ ਗੁਰੂ ਤੋਂ ਬਿਨਾਂ
ਬ੍ਰਹਮ ਗਿਆਨ ਦੀ ਖੋਜ ਕਰਨਾ ਚਾਹੇ ਤਾਂ ਇਹ ਵੀ ਸੰਭਵ ਨਹੀਂ ਹੈ I ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ
ਕਿ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਬ੍ਰਹਮਾ ਜੀ (ਜੋ ਸ੍ਰਿਸ਼ਟੀ ਦੀ ਰਚਨਾ ਕਰਦੇ ਹਨ) ਨਾਰਦ ਜੀ ਅਤੇ
ਰਿਸ਼ੀ ਵੇਦ ਵਿਆਸ ਨੂੰ ਵੀ ਨਹੀਂ ਹੋਈ I
ਭਾਈ ਰੇ ਗੁਰ ਬਿਨੁ ਗਿਆਨ ਨ ਹੋਇ I
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ II
ਇਸੇ ਤਰਾਂ ਸਾਰੇ ਮਹਾਂਪੁਰਸ਼ਾਂ ਨੇ ਇੱਕ ਹੀ ਗੱਲ ਨੂੰ ਵਾਰ-ਵਾਰ ਕਿਹਾ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਸੇ
ਪੂਰਨ ਸੰਤ ਸਤਿਗੁਰੂ ਕੋਲੋਂ ਹੀ ਹੋ ਸਕਦੀ ਹੈ I ਪਰ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪ੍ਰਮਾਤਮਾ ਨੂੰ ਮੰਨਣ ਵਾਲੇ
ਸਾਰੇ ਹੀ ਲੋਕ ਭਗਤੀ ਕਰ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਪਰਮਾਤਮਾ ਇੱਕ ਹੀ ਹੈ I ਜੇਕਰ
ਪ੍ਰਮਾਤਮਾ ਇੱਕ ਹੈ ਤਾਂ ਉਸਦੀ ਭਗਤੀ ਵੀ ਇੱਕ ਹੀ ਹੋਣੀ ਚਾਹੀਦੀ ਹੈ I ਪਰ ਅੱਜ ਕੱਲ ਦੇਖਣ ਵਿੱਚ ਆਉਂਦਾ
ਹੈ ਕਿ ਇਨਸਾਨ ਨੇ ਭਗਤੀ ਦੇ ਅੱਲਗ-ਅੱਲਗ ਢੰਗ ਬਣਾ ਲਏ ਹਨ I
ਕਲਯੁੱਗ ਵਿੱਚ ਲੋਕ ਧਾਰਮਿਕ ਗ੍ਰੰਥਾਂ ਦੇਅਧਾਰ ਤੇ ਭਗਤੀ ਨਹੀਂ ਕਰਦੇ ਬਲਕਿ ਦੰਭੀ ਅਤੇ ਪਖੰਡੀ ਲੋਕਾਂ ਨੇ
ਇਸਦੇ ਅਲੱਗ-ਅਲੱਗ ਰਸਤੇ ਬਣਾ ਲਏ ਹਨ I ਅਸਲ ਵਿੱਚ ਭਗਤੀ ਤਾਂ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਇੱਕ
ਭਗਤ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ I ਜਦੋਂ ਗੁਰੂ ਕਿਰਪਾ ਦੇ ਦੁਆਰਾ ਤੀਸਰਾ ਨੇਤਰ
ਖੁਲਦਾ ਹੈ ਤਾਂ ਉਦੋਂ ਹੀ ਸਾਨੂੰ ਧਾਰਮਿਕ ਗ੍ਰੰਥਾਂ ਦੀ ਸਮਝ ਆ ਸਕਦੀ ਹੈ I ਸ੍ਰੀ ਗੁਰੂ ਅਮਰ ਦਾਸ ਜੀ ਕਹਿੰਦੇ ਹਨ-
ਕਹੈ ਨਾਨਕ ਏਹਿ ਨੇਤ੍ਰ ਅੰਧ ਸੇ
ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਇ II
No comments:
Post a Comment