ਜਿੰਨਾ ਚਿਰ ਇਨਸਾਨ ਦਾ ਜੀਵਨ ਹੈ, ਉਦੋਂ ਤੱਕ ਉਸ ਦੇ ਜੀਵਨ ਵਿਚ ਦੁੱਖ ਵੀ ਹੈ ਅਤੇ ਸੁੱਖ ਵੀ। ਹਰ ਇਕ ਇਨਸਾਨ ਸੁਖੀ ਹੋਣਾ ਚਾਹੁੰਦਾ ਹੈ ਅਤੇ ਸੁਖੀ ਹੋਣ ਦੇ ਲਈ ਉਹ ਹਰ ਪ੍ਰਕਾਰ ਦਾ
ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ।। ਅਗਨਿ ਦਹੈ ਅਰੁ ਗਰਭ ਬਸੇਰਾ।।
ਇਹ ਜੋ ਅੱਗ ਦੇ ਵਿਚ ਜਲਣਾ ਅਤੇ ਵਾਰ-ਵਾਰ ਗਰਭ ਦੇ ਵਿਚ ਆਉਣਾ ਹੈ, ਹੇ ਮੇਰੇ ਪ੍ਰਮਾਤਮਾ ਮੇਰਾ ਇਹ ਦੁੱਖ ਦੂਰ ਕਰ ਦਿਓ। ਹਰ ਇਕ ਇਨਸਾਨ ਤ੍ਰਿਸ਼ਨਾ ਦੀ ਅੱਗ ਦੇ ਵਿਚ ਜਲ ਰਿਹਾ ਹੈ। ਇਨਸਾਨ ਜਿੰਨਾ ਚਿਰ ਆਵਾਗਮਨ ਦੇ ਚੱਕਰ ਵਿਚ ਹੈ, ਉੱਨਾ ਚਿਰ ਉਹ ਦੁਖੀ ਹੀ ਹੋਵੇਗਾ। ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਹੋਏ ਕਹਿ ਰਹੇ ਹਨ ਕਿ ਇਸ ਜੀਵ ਆਤਮਾ ਨੇ ਚੌਰਾਸੀ ਲੱਖ ਜੂਨਾਂ ਵਿਚ ਬਹੁਤ ਹੀ ਦੁੱਖ ਸਹੇ ਹਨ ਅਤੇ ਹੁਣ ਇਸ ਨੂੰ ਬਹੁਤ ਸਮੇਂ ਬਾਅਦ ਇਹ ਮਨੁੱਖ ਦਾ ਤਨ ਮਿਲਿਆ ਹੈ, ਜਿਸ ਨਾਲ ਇਹ ਪ੍ਰਮਾਤਮਾ ਦੀ ਭਗਤੀ ਕਰ ਸਕੇ ਅਤੇ ਉਸ ਦੇ ਵਿਚ ਮਿਲ ਸਕੇ-
ਕਈ ਜਨਮ ਭਏ ਕੀਟ ਪਤੰਗਾ।। ਕਈ ਜਨਮ ਗਜ ਮੀਨ ਕੁਰੰਗਾ।। ਕਈ ਜਨਮ ਪੰਖੀ ਸਰਪ ਹੋਇਓ।। ਕਈ ਜਨਮ ਹੈਵਰ ਬ੍ਰਿਖ ਜੋਇਓ।। ਮਿਲੁ ਜਗਦੀਸ ਮਿਲਨ ਕੀ ਬਰੀਆ।। ਚਿਰੰਕਾਲ ਇਹ ਦੇਹ ਸੰਜਰੀਆ।।
ਚੌਰਾਸੀ ਲੱਖ ਜੂਨਾਂ ਭੋਗਣ ਤੋਂ ਬਾਅਦ ਹੀ ਜੀਵ ਆਤਮਾ ਨੂੰ ਇਸ ਮਨੁੱਖ ਤਨ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਪ੍ਰਮਾਤਮਾ ਜੀਵ ਉੱਪਰ ਕਿਰਪਾ ਕਰਦਾ ਹੈ ਤਾਂ ਉਸਨੂੰ ਮਨੁੱਖਾ ਤਨ ਪ੍ਰਦਾਨ ਕਰਦਾ ਹੈ। ਮਾਤਾ ਦੇ ਗਰਭ ਦੇ ਅੰਦਰ ਪ੍ਰਮਾਤਮਾ ਇਸ ਜੀਵ ਦੀ ਰੱਖਿਆ ਕਰਦਾ ਹੈ ਅਤੇ ਇਹ ਜੀਵ ਵੀ ਨਿਰੰਤਰ ਉਸ ਪ੍ਰਮਾਤਮਾ ਦਾ ਧਿਆਨ ਕਰਦਾ ਹੋਇਆ ਹਰ ਸਾਹ ਨਾਲ ਉਸਦਾ ਸਿਮਰਨ ਕਰਦਾ ਹੈ-
ਗਰਭ ਕੁੰਟ ਮਹਿ ਉਰਧ ਤਪ ਕਰਤੇ।। ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ।।
ਗਰਭ ਦੇ ਅੰਦਰ ਇਸ ਜੀਵ ਆਤਮਾ ਦੀ ਪ੍ਰਮਾਤਮਾ ਦੇ ਨਾਲ ਲਿਵ ਲੱਗੀ ਹੁੰਦੀ ਹੈ, ਜਿਸ ਕਾਰਨ ਇਹ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦੋਂ ਇਹ ਜੀਵ ਆਤਮਾ ਇਸ ਸੰਸਾਰ ਤੇ ਆਉਂਦੀ ਹੈ ਤਾਂ ਉਸ ਪ੍ਰਮਾਤਮਾ ਨਾਲੋਂ ਲਿਵ ਟੁੱਟਣ ਦੇ ਕਾਰਨ ਹੀ ਮਾਇਆ ਦੀ ਅਗਨੀ ਇਸ ਨੂੰ ਜਲਾਉਣਾ ਸ਼ੁਰੂ ਕਰ ਦਿੰਦੀ ਹੈ ਜਿਸ ਕਾਰਨ ਜੀਵ ਦੁਖੀ ਹੁੰਦਾ ਹੈ ਅਤੇ ਪਲ-ਪਲ ਤ੍ਰਿਸ਼ਨਾ ਦੀ ਅੱਗ ਅੰਦਰ ਜਲਦਾ ਰਹਿੰਦਾ ਹੈ। ਮਾਇਆ ਦੇ ਕਾਰਨ ਹੀ ਇਨਸਾਨ ਉਸ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਅਤੇ ਦੁਨੀਆਂ ਦੇ ਨਾਲ ਮੋਹ ਪਾ ਲੈਂਦਾ ਹੈ। ਗੁਰੂ ਸਾਹਿਬਾਨ ਲਿਖਦੇ ਨੇ-
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ।। ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ।। ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ।। ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ।। ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ।। ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ।।
ਗੁਰੂ ਸਾਹਿਬਾਨ ਸਾਨੂੰ ਸਮਝਾ ਰਹੇ ਹਨ ਕਿ ਜਿਸ ਤਰਾਂ ਗਰਭ ਦੀ ਅਗਨੀ ਹੈ, ਉਸੇ ਹੀ ਤਰਾਂ ਬਾਹਰ ਮਾਇਆ ਹੈ। ਇਹ ਉਸ ਪ੍ਰਮਾਤਮਾ ਦੀ ਹੀ ਲੀਲਾ ਹੈ। ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਜੀਵ ਦਾ ਜਨਮ ਇਸ ਦੁਨੀਆਂ ਤੇ ਹੁੰਦਾ ਹੈ। ਜਦੋਂ ਇਸ ਜੀਵ ਦੀ ਪ੍ਰਮਾਤਮਾ ਨਾਲੋਂ ਲਿਵ ਟੁੱਟਦੀ ਹੈ ਤਾਂ ਇਹ ਦੁਨੀਆਂ ਦੀ ਮਾਇਆ ਵਿਚ ਗ੍ਰਸਿਆ ਜਾਂਦਾ ਹੈ। ਇਸ ਮਾਇਆ ਦੇ ਕਰਕੇ ਹੀ ਇਹ ਜੀਵ ਉਸ ਪ੍ਰਮਾਤਮਾ ਨਾਲੋਂ ਵਿੱਛੜਦਾ ਹੈ ਅਤੇ ਦੁਨੀਆਂ ਨਾਲ ਇਸ ਦਾ ਮੋਹ ਪੈ ਜਾਂਦਾ ਹੈ। ਅੱਗੇ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਹੋਏ ਕਹਿ ਰਹੇ ਹਨ ਕਿ ਜਿਸ ਜੀਵ ਆਤਮਾ ਦੀ ਗੁਰੂ ਦੀ ਕਿਰਪਾ ਦੇ ਦੁਆਰਾ ਦੁਬਾਰਾ ਉਸ ਪ੍ਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ, ਉਹ ਜੀਵ ਇਸ ਮਾਇਆ ਦੇ ਵਿਚ ਰਹਿੰਦਾ ਹੋਇਆ ਹੀ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਹੁਣ ਵਿਚਾਰ ਇਹ ਕਰਨਾ ਹੈ ਕਿ ਗੁਰੂ ਸਾਡੀ ਉਸ ਪ੍ਰਮਾਤਮਾ ਦੇ ਨਾਲ ਲਿਵ ਕਿਸ ਤਰਾਂ ਲਗਾਉਂਦਾ ਹੈ ਜਾਂ ਗੁਰੂ ਸਾਨੂੰ ਅਜਿਹਾ ਕੀ ਪ੍ਰਦਾਨ ਕਰਦਾ ਹੈ ਜਿਸ ਨਾਲ ਸਾਡੀ ਪ੍ਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ। ਸਾਡੇ ਸੰਤ-ਮਹਾਂਪੁਰਸ਼ ਸਾਨੂੰ ਦੱਸ ਰਹੇ ਨੇ ਕਿ ਜਦੋਂ ਸਾਡੀ ਜ਼ਿੰਦਗੀ ਵਿਚ ਇਕ ਪੂਰਨ ਸਤਿਗੁਰੂ ਆਵੇਗਾ ਤਾਂ ਉਹ ਸਾਨੂੰ ਚਾਰ ਪਦਾਰਥਾਂ ਦਾ ਗਿਆਨ ਪ੍ਰਦਾਨ ਕਰੇਗਾ-
ਚਾਰਿ ਪਦਾਰਥ ਜੇ ਕੋ ਮਾਗੈ।। ਸਾਧ ਜਨਾ ਕੀ ਸੇਵਾ ਲਾਗੈ।।
ਜਦੋਂ ਇਕ ਪੂਰਨ ਸਤਿਗੁਰੂ ਜ਼ਿੰਦਗੀ ਦੇ ਵਿਚ ਆਉਂਦਾ ਹੈ ਤਾਂ ਉਹ ਚਾਰ ਪਦਾਰਥਾਂ ਨੂੰ ਸਾਡੇ ਅੰਦਰ ਹੀ ਪ੍ਰਗਟ ਕਰ ਦਿੰਦਾ ਹੈ। ਗੁਰੂ ਸਾਡੇ ਘਟ ਦੇ ਅੰਦਰ ਹੀ ਪ੍ਰਮਾਤਮਾ ਦੀ ਜੋਤੀ ਨੂੰ ਪ੍ਰਗਟ ਕਰਕੇ ਦਿਖਾ ਦਿੰਦਾ ਹੈ-
ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।।ਗੁਰ ਸਾਖੀ ਜੋਤਿ ਪਰਗਟੁ ਹੋਇ।। ਜੋ ਤਿਸੁ ਭਾਵੈ ਸੁ ਆਰਤੀ ਹੋਇ।।
ਗੁਰੂ ਸਾਡੇ ਘਟ ਦੇ ਅੰਦਰ ਹੀ ਅਨਹਦ ਬਾਣੀ ਨੂੰ ਸੁਣਾ ਦਿੰਦਾ ਹੈ।
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ।। ਵਾਜੇ ਤਾ ਕੈ ਅਨਹਦ ਤੂਰਾ।।
ਗੁਰੂ ਸਾਡੇ ਘਟ ਦੇ ਅੰਦਰ ਹੀ ਪ੍ਰਮਾਤਮਾ ਦੇ ਗੁਪਤ ਨਾਮ ਨੂੰ ਪ੍ਰਗਟ ਕਰ ਦਿੰਦਾ ਹੈ-
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ।।ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ।।
ਗੁਰੂ ਸਾਡੇ ਘਟ ਦੇ ਅੰਦਰੋਂ ਹੀ ਸਾਨੂੰ ਅੰਮ੍ਰਿਤ ਪਿਲਾ ਦਿੰਦਾ ਹੈ-
ਅੰਮ੍ਰਿਤ ਰਸੁ ਸਤਿਗੁਰੂ ਚੁਆਇਆ।। ਦਸਵੈ ਦੁਆਰਿ ਪ੍ਰਗਟੁ ਹੋਇ ਆਇਆ।।
ਐਸੇ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਹੀ ਇਨਸਾਨ ਦੀ ਪ੍ਰਮਾਤਮਾ ਨਾਲ ਲਿਵ ਲੱਗ ਸਕਦੀ ਹੈ ਅਤੇ ਉਹ ਜਨਮ ਮਰਨ ਦੇ ਚੱਕਰ ਤੋਂ ਹਮੇਸ਼ਾਂ ਲਈ ਅਜਾਦ ਹੋ ਸਕਦਾ ਹੈ ਅਤੇ ਇਹ ਜੋ ਮਾਇਆ ਸਾਰੀ ਦੁਨੀਆਂ ਨੂੰ ਜਲਾ ਰਹੀ ਹੈ, ਇਕ ਬ੍ਰਹਮ ਗਿਆਨੀ ਲਈ ਸ਼ੀਤਲਤਾ ਵਿਚ ਬਦਲ ਜਾਂਦੀ ਹੈ-
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ।।ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ।
No comments:
Post a Comment