Friday, 10 December 2010

ਨਾਨਕ ਚਿੰਤਾ ਮਤਿ ਕਰਹੁ

 'ਕਾਸ਼ ਮੇਰੇ ਕੋਲ ਅਲਾਦੀਨ ਦੇ ਚਿਰਾਗ ਵਰਗਾ ਕੋਈ ਚਿਰਾਗ ਹੋਵੇ ਜਿਸ ਵਿਚੋਂ ਜਿੰਨ
ਪ੍ਰਗਟ ਹੋਵੇ ਅਤੇ ਮੈਂ ਉਸਨੁ ਹੁਕਮ ਦੇ ਕੇ ਆਪਣੀਆਂ ਸਭ ਚਿੰਤਾਵਾਂ ਦੂਰ ਕਰ ਲਵਾਂ I '
ਸ਼ਾਇਦ ਚਿੰਤਾ ਗ੍ਰਸਿਤ ਵਿਅਕਤੀ ਕੋਈ ਇਹੋ ਜਿਹੀ ਹੀ ਇਛਾ ਰਖਦਾ ਹੋਵੇਗਾ ਕਿ ਕੁਝ
ਅਜਿਹਾ ਹੋ ਜਾਵੇ ਜੋ ਉਸਨੂੰ ਚਿੰਤਾ ਮੁਕਤ ਕਰ ਦੇਵੇ I ਕਦੇ ਨਾ ਕਦੇ ਹਰ ਇੱਕ ਵਿਅਕਤੀ
ਦੀ ਜਿੰਦਗੀ ਵਿੱਚ ਇਹੋ ਜਿਹਾ ਸਮਾਂ ਜਰੂਰ ਆਉਂਦਾ ਹੈ ਜਦੋਂ ਚਿੰਤਾਵਾਂ ਉਸਨੂੰ ਚਹੁੰ ਪਾਸੇ
ਤੋਂ ਘੇਰ ਲੇਂਦੀਆਂ ਹਨ ਅਤੇ ਉਸਨੂੰ ਇਸ ਵਿਚੋਂ ਨਿਕਲਣ ਦਾ ਕੋਈ ਮਾਰਗ ਨਹੀਂ ਸੁਝਦਾ I
ਅੱਜ ਦੀ ਭੱਜ ਦੋੜ ਵਾਲੀ ਜਿੰਦਗੀ ਵਿੱਚ ਮਨੁਖ ਕਦੇ ਕਦੇ ਨਹੀਂ ਬਲਕਿ  ਹਰ ਸਮੇਂ ਹੀ
ਚਿੰਤਾ ਗ੍ਰਸਿਤ ਰਹਿਣ ਲੱਗ ਪਿਆ ਹੈ I ਨੀਂਦ ਵਿੱਚ ਵੀ ਉਸਨੂੰ ਚੈਨ ਨਹੀਂ ਹੈ I

ਮਨਮੁਖਾ ਭਰਮੈ ਸਹਸਾ ਹੋਵੈ ਅੰਤਰਿ ਚਿੰਤਾ ਨੀਦ ਨ ਸੋਵੈ I

ਮਨੁਖ ਦੀ ਹਾਲਤ ਨੂੰ ਗੁਰੂ ਸਾਹਿਬਾਨ ਹੋਰ ਵੀ ਬਿਆਨ ਕਰਦੇ ਹਨ

ਅਨਦਿਨ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ II
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ II

ਮਨੋਵਿਗਿਆਨੀਆਂ ਅਨੁਸਾਰ ਚਿੰਤਾ ਇੱਕ ਅਜਿਹਾ ਮਨੋਰੋਗ ਹੈ ਜੋ ਘੁਣ ਦੀ ਤਰ੍ਹਾਂ ਮਨੁਖ ਨੂੰ
ਅੰਦਰੋਂ ਹੀ ਅੰਦਰ ਖੋਖਲਾ ਕਰ ਦਿੰਦਾ ਹੈ I ਉਂਝ ਤਾਂ ਮਨੁਖ ਆਪਣੇ ਜੀਵਨ ਕਾਲ ਵਿੱਚ ਇੱਕ
ਵਾਰ ਮਰਦਾ ਹੈ ਅਤੇ ਉਸਦੇ ਜੀਵਨ ਦਾ ਅੰਤ ਹੋ ਜਾਂਦਾ ਹੈ, ਚਿਤਾ ਤੇ ਜਲਾਇਆ ਜਾਂਦਾ ਹੈ I
ਪਰ ਚਿੰਤਾ ਇੱਕ ਅਜਿਹੀ ਚਿਤਾ ਹੈ ਜੋ ਮਨੁਖ ਨੂੰ ਜਿਉਂਦੇ ਜੀਅ ਕਈ ਵਾਰ ਜ੍ਲਾਉਂਦੀ ਹੈ I
ਭਾਵੇਂ ਮਨੁਖ ਦੀ ਸਰੀਰਿਕ, ਆਰਥਿਕ ਅਤੇ ਸਮਾਜਿਕ ਸਥਿਤੀ ਕਿਹੋ ਜਿਹੀ ਵੀ ਹੈ, ਕੋਈ
ਬੱਚਾ, ਬੁੱਢਾ ਜਾਂ ਜਵਾਨ ਹੈ I ਅਮੀਰ ਜਾਂ ਗਰੀਬ ਕੁਝ ਵੀ ਹੈ ਇਸ ਮਨੋਰੋਗ ਤੋਂ ਕੋਈ ਵੀ
ਅਛੂਤਾ ਨਹੀਂ I

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ II
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ II

ਗਰੀਬ ਨੂ ਲਗਦਾ ਹੈ ਕਿ ਸ਼ਾਇਦ ਅਮੀਰ ਨੂੰ ਕੋਈ ਚਿੰਤਾ ਨਹੀਂ ਵਿਆਪਦੀ, ਉਸਦੀਆਂ
ਤਾਂ ਜਰੂਰਤਾਂ ਪੂਰੀਆਂ ਹੋਈਆਂ ਹੁੰਦੀਆਂ ਹਨ ਪਰ

ਵਡੇ ਵਡੇ ਜੋ ਦਿਸਹਿ ਲੋਗ II
ਤਿਨ ਕਉ ਬਿਆਪੈ  ਚਿੰਤਾ ਰੋਗ II

ਚਿੰਤਾ ਦਾ ਮੂਲ ਕਾਰਨ ਹੈ ਮਨੁਖ ਅੰਦਰ ਡਰ, ਭੈਅ I ਉਸ ਅੰਦਰ ਕਦੇ ਡਰ ਹੈ ਕਿ ਜੋ ਉਸਦੇ
ਕੋਲ ਹੈ ਉਹ ਉਸ ਤੋਂ ਖੋ ਲਿਆ ਜਾਵੇਗਾ I ਕਦੇ ਇਹ ਡਰ ਹੈ ਕਿ ਜੋ ਉਹ ਪ੍ਰਾਪਤ ਕਰਨਾ ਚਾਹੁੰਦਾ
ਹੈ ਕਿਤੇ ਉਹ ਉਸ ਤੋਂ ਵਾਂਝਾ ਨਾ ਰਹ ਜਾਏ I ਸੁਖ ਵਿੱਚ ਉਸਨੂੰ ਦੁਖ ਦਾ ਭੈਅ ਹੈ, ਜੀਵਨ ਵਿੱਚ
ਉਸਨੂੰ ਮੋਤ ਦਾ ਭੈਅ ਹੈ, ਜਵਾਨੀ ਵਿੱਚ ਉਸਨੂੰ ਬੁਢਾਪੇ ਦਾ ਭੈਅ ਹੈ ਕਿਉਂਕਿ ਉਹ ਸੁਖ ਨੂੰ ਤਾਂ
ਖਿੜੇ ਮਥੇ ਸਵੀਕਾਰ ਕਰਦਾ ਹੈ ਪਰ ਦੁਖ ਨੂੰ ਨਹੀਂ I ਜੀਵਨ ਤਾਂ ਚਾਹੁੰਦਾ ਹੈ ਪਰ ਮੋਤ ਨਹੀਂ,
ਜਵਾਨੀਂ ਤਾਂ ਚਾਹੁੰਦਾ ਹੈ ਪਰ ਬੁਢਾਪਾ ਨਹੀਂ I ਉਹ ਇਸ ਅਟਲ ਨਿਯਮ ਨੂੰ ਭੁੱਲ ਜਾਂਦਾ ਹੈ ਕਿ
ਅਜਿਹਾ ਕੋਈ ਸੁਖ ਨਹੀਂ ਜੋ ਆਪਣੇ ਨਾਲ ਦੁਖ ਨਾ ਲੈ ਕੇ ਆਵੈ, ਅਜਿਹਾ ਕੋਈ ਜੀਵਨ ਨਹੀਂ
ਜਿਸ ਵਿੱਚ ਮੋਤ ਨਾ ਹੋਵੇ ਅਤੇ ਅਜਿਹੀ ਕੋਈ ਜਵਾਨੀ ਨਹੀਂ ਜੋ ਸਦੀਵੀ ਹੋਵੇ I ਜੋ ਸਹਿਜ ਹੈ,
ਜੋ ਸੁਭਾਵਿਕ ਹੈ ਫਿਰ ਉਸ ਤੋਂ ਕਿਸ ਚੀਜ਼ ਦਾ ਭੈਅ ? ਕਿਸੇ ਦੀ ਮੋਤ ਨੂੰ ਜਾਂ ਬੁਢਾਪੇ ਦੀ
ਤਰਸਯੋਗ ਹਾਲਤ ਨੂੰ ਦੇਖ ਕੇ ਜਦੋਂ ਕਦੇ ਉਸਦਾ ਮਨ ਸਹਿਮਦਾ ਹੈ ਕਿ ਅਜਿਹਾ ਸਮਾਂ ਉਸ
ਉੱਪਰ ਵੀ ਆਉਣਾ ਹੈ ਤਾਂ ਇਸਦਾ ਨਤੀਜਾ ਇਹ ਨਹੀਂ ਹੁੰਦਾ ਕਿ ਉਹ ਉਸ ਕਾਰਨ ਬੁਧ ਦੀ
ਤਰ੍ਹਾਂ ਜੀਵਨ ਦੀ ਨਸ਼ਵਰਤਾ ਤੋਂ ਜਾਣੂੰਹੋ ਕੇ ਅਵਿਨਾਸ਼ੀ ਪ੍ਰਭੁ ਦੀ ਖੋਜ ਕਰੇ I ਉਲਟਾ ਉਹ ਆਪਣੇ
ਬੁਢਾਪੇ ਅਤੇ ਆਪਣੇ ਮਗਰੋਂ ਆਪਣੇ ਪਰਿਵਾਰ ਦੇ ਭਵਿਖ ਨੂੰ ਸੁਰਖਿਅਤ ਕਰਨ ਦੀਆਂ ਆਪਣੀਆਂ
ਯੋਜਨਾਵਾਂ ਵਿੱਚ ਹੋਰ ਤੇਜੀ ਲੈ ਆਉਂਦਾ ਹੈ I ਤਰ੍ਹਾਂ-ਤਰ੍ਹਾਂ ਦੀਆਂ INSURANCE POLICIES ,
PENSION PLANS ਆਦਿ ਨੂੰ ਲੈਣ ਦੀ ਅਤੇ ਆਪਣੀ ਪ੍ਰਾਪਰਟੀ ਨੂੰ ਵਧਾਉਣ ਦੀ ਹੋੜ ਉਸਨੂੰ
ਹੋਰ ਚਿੰਤਿਤ ਕਰ ਦਿੰਦੀ ਹੈ I ਜੇ ਕਿਸੇ ਦੇ ਅੰਦਰ ਮੋਤ ਨੂੰ ਦੇਖ ਕੇ ਜੀਵਨ ਦੇ ਪ੍ਰਤੀ ਥੋੜ੍ਹੀ ਉਦਾਸੀਨਤਾ
ਪੈਦਾ ਵੀ ਹੁੰਦੀ ਹੈ ਤਾਂ ਉਹ ਸਿਰਫ 'ਸ਼ਮਸ਼ਾਨ ਵੈਰਾਗ ' ਹੀ ਹੁੰਦਾ ਹੈ, ਜੋ ਬਹੁਤ ਥੋੜ੍ਹਾ ਚਿਰ ਹੁੰਦਾ ਹੈ I
ਕਦੇ ਮਨੁਖ ਅੰਦਰ ਭੈਅ ਹੁੰਦਾ ਹੈ ਕਿ ਕਿਤੇ ਉਸਦਾ ਸਚ ਸਭ ਦੇ ਸਾਹਮਣੇ ਨਾ ਆ ਜਾਏ ਕਿਉਂਕਿ
ਉਸਦੀ ਸੋਚ ਅਤੇ ਕਰਮ ਨੀਵੇਂ ਦਰਜੇ ਦੇ ਹਨ I ਪਰ ਉਹ ਸਮਾਜ ਅੱਗੇ ਆਪਣੇ ਆਪ ਨੂੰ ਚੰਗਾ
ਸਾਬਿਤ ਕਰਦਾ ਹੈ I ਇਸ ਲਈ ਆਪਣੇ ਮੁਖੋਟੇਦੇ ਉਤਰਨ ਦਾ ਭੈਅ ਉਸਨੂੰ ਸਤਾਉਂਦਾ ਹੈ ਕਿ ਕਿਤੇ
ਉਸਦਾ ਅਸਲੀ ਰੂਪ ਕਿਸੇ ਨੂੰ ਦਿਖ ਨਾ ਜਾਏ I ਕਦੇ ਉਸਨੂੰ ਆਪਣਿਆਂ ਦਾ ਭੈਅ ਖਾਂਦਾ ਹੈ ਅਤੇ ਕਦੇ
ਬੇਗਾਨਿਆਂ ਦਾ I ਕਦੇ ਭੂਤਕਾਲ ਵਿੱਚ ਹੋਈਆਂ ਅਣਸੁਖਾਵਿਆਂ ਘਟਨਾਵਾਂ ਦੀ ਯਾਦ ਤੇ ਕਦੇ ਭਵਿਖ
ਵਿੱਚ ਕੁਝ ਅਜਿਹਾ ਹੋ ਜਾਣ ਦਾ ਖਿਆਲ ਉਸਨੂੰ ਭੈਅ ਭੀਤ ਕਰ ਦਿੰਦਾ ਹੈ I ਇਹ ਸਾਰੇ ਭੈਅ ਉਸਦੇ
ਵਰਤਮਾਨ ਨੂੰ ਚਿੰਤਾਵਾਂ ਦੇ ਬੋਝ ਥੱਲੇ ਦਮ ਘੁੱਟ ਕੇ ਮਾਰ ਦਿੰਦੇ ਹਨ I ਭਵਿਖ ਦੀ ਚਿੰਤਾ ਵਰਤਮਾਨ
ਨੂੰ ਬੇਚੈਨ ਕਰ ਦਿੰਦੀ ਹੈ I WE ARE ALWAYS GETTING READY TO LIVE BUT
NEVER LIVING. ਕਿਸੇ ਇੱਕ ਭੈਅ ਤੋਂ ਚਿੰਤਿਤ ਹੋ ਕੇ ਉਸਨੂੰ ਦੂਰ ਕਰਨ ਲਈ ਵਿਅਕਤੀ ਕੋਈ
ਕਰਮ ਕਰਦਾ ਹੈ ਤਾਂ ਉਸ ਕਰਮ ਤੋਂ ਕਈ ਨਵੀਆਂ ਚਿੰਤਾਵਾਂ ਉਪਜ ਜਾਂਦੀਆਂ ਹਨ ਅਤੇ ਇਹ
CHAIN REACTION ਦੀ ਤਰ੍ਹਾਂ ਆਪਣੇ ਆਪ ਅੱਗੇ ਵਦਦੀਆਂ ਰਿਹੰਦੀਆਂ ਹਨ I

'ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੂਕ ਲੈ ਦੂਜੀ ਤਿਆਰ'

ਇਹ ਸਿਲਸਿਲਾ ਇੱਕ ਅਜਿਹਾ ਜਾਲ ਬੁਣ ਦਿੰਦਾ ਹੈ ਜਿਸ ਵਿਚੋਂ ਇਨਸਾਨ ਸਾਰੀ ਉਮਰ
ਨਹੀਂ ਛੁਟ ਪਾਉਂਦਾ I ਮਸ਼ੀਨੀ ਯੁੱਗ ਦਾ ਮਸ਼ੀਨ ਨੁਮਾ ਇਹ ਵਿਅਕਤੀ ਤਾਂ ਇੰਨਾ ਚਿੰਤਾ
ਗ੍ਰਸਿਤ ਹੋ ਚੁੱਕਿਆ ਹੈ ਕਿ ਇਸਦੀ ਹਾਲਤ ਚਿੰਤਾਜਨਕ ਹੋ ਗਈ ਹੈ I ਇਸ ਮਨੋਰੋਗ
ਨੇ ਇਸਨੂੰ ਬਹੁਤ ਸਾਰੇ ਤਨ ਦੇ ਰੋਗ ਦੇ ਦਿੱਤੇ ਹਨ I

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ II
ਗ੍ਰਿਸਿਤ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ II

ਚਿੰਤਾਵਾਂ ਤੋਂ ਬਚਣ ਲਈ ਬਹੁਤੇ ਵਿਅਕਤੀ ਨਸ਼ਿਆਂ ਦਾ ਸਹਾਰਾ ਲੈਂਦੇ ਹਨ I ਇਸ ਨਾਲ
ਕੁਝ ਸਮੇਂ ਲਈ ਵਿਅਕਤੀ ਆਪਣੀ ਚਿੰਤਾ ਨੂੰ ਭੁੱਲ ਜਾਂਦਾ ਹੈ ਪਰ ਹੋਸ਼ 'ਚ ਆਉਣ ਤੋਂ
ਬਾਅਦ ਉਸਦੀ ਹਾਲਤ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ I ਕਈ ਵਾਰ ਮਨੁਖ  ਨੂੰ
ਆਪਣੀਆਂ ਚਿੰਤਾਵਾਂ ਅੱਗੇ ਮੋਤ ਦੀ ਪੀੜ ਵੀ ਛੋਟੀ ਜਾਪਦੀ ਹੈ ਅਤੇ ਉਹ ਆਤਮ
ਹਤਿਆ ਵੱਲ ਆਪਣੇ ਕਦਮ ਵਧਾ ਲੇੰਦਾ ਹੈ I
ਚਿੰਤਾਵਾਂ ਦੇ ਇਸ ਚੱਕਰਵਿਊ ਦਾ ਕਾਰਨ ਹੈ ਕਿ ਮਨੁਖ ਕੇਵਲ ਸੰਸਾਰ ਵਿੱਚ ਰਹਿੰਦਾ ਨਹੀਂ
ਬਲਕਿ ਸੰਸਾਰ ਵੀ ਇਸਦੇ ਅੰਦਰ ਰਹਿੰਦਾ ਹੈ I ਉਹ ਆਪਣੇ ਆਪ ਨੂੰ ਸਮਝਦਾ ਹੈ ਕਿ ਜੇ
ਮੈਂ ਨਾ ਕੀਤਾ ਤਾਂ ਕੋਈ ਕੰਮ ਨਹੀਂ ਹੋਣਾ I ਮੇਰੇ ਕਰਕੇ ਹੀ ਤਾਂ ਸਭ ਕੁਝ ਹੋ ਰਿਹਾ ਹੈ I ਉਹ
ਸੋਚਦਾ ਹੈ ਕੇ ਸਭ ਕੁਝ ਮੈਂ ਕਰ ਰਿਹਾ ਹਾਂ ਪਰ ਇਸ ਵਿੱਚ ਕਿੰਨੀ ਕੁ ਸਚਾਈ ਹੈ ਇਸ ਤੋਂ
ਸਾਡੇ ਗੁਰੂ ਸਾਹਿਬਾਨ ਸਾਨੂੰ ਜਾਣੂੰ ਕਰਵਾਉਂਦੇ ਹਨ I
ਉਹ ਮਨੁਖ ਦਾ ਹੀ ਕੀ ਸਭ ਜੀਵ ਜੰਤੂਆਂ ਦਾ ਜਨਮ ਦਾਤਾ ਅਤੇ ਪਾਲਣ ਕਰਤਾ ਹੈ I ਉਹ
ਤਾਂ ਪਥਰਾਂ ਵਿੱਚ ਵੀ ਜੀਵਾਂ ਨੂੰ ਪਾਲਦਾ ਹੈ I ਪਾਣੀ ਵਿੱਚ ਵੀ ਉਸਨੇ ਜੀਵਾਂ ਨੂੰ ਰੋਜੀ ਦਿੱਤੀ
ਹੋਈ ਹੈ I ਤਨ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਉਸਨੇ ਸਭ ਦੀ ਪਾਲਣਾ ਦਾ ਬੰਦੋਬਸਤ
ਕਰ ਦਿੱਤਾ ਹੋਇਆ ਹੈ I ਫਿਰ ਕਿਸ ਗੱਲ ਦੀ ਚਿੰਤਾ?

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ II
ਜਲ ਮਹਿ ਜੰਤ ਉਪਾਇਆਨੁ ਤਿਨਾ ਭਿ ਰੋਜੀ ਦੇਇ II

No comments:

Post a Comment