Friday 18 January 2013

ਸਤਸੰਗਤਿ ਕੈਸੀ ਜਾਣੀਐ।। ਜਿਥੈ ਏਕੋ ਨਾਮੁ ਵਖਾਣੀਐ।।


‘ਸਤਿਸੰਗ’ ਜੇਕਰ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸ਼ਬਦ ‘ਸਤਿ’+'ਸੰਗ’ ਦੋ ਸ਼ਬਦਾਂ ਦਾ ਮੇਲ ਹੈ। ‘ਸਤਿ’ ਦਾ ਮਤਲਬ ਹੈ ਸੱਚ ਅਤੇ ਸੱਚ ਹੈ
ਪਰਮਾਤਮਾ ਅਤੇ ‘ਸੰਗ’ ਦਾ ਮਤਲਬ ਹੈ ਮਿਲਾਪ। ਇਸ ਲਈ ਸਤਿਸੰਗ ਦਾ ਮਤਲਬ ਹੈ ਸੱਚ (ਪਰਮਾਤਮਾ) ਦੇ ਨਾਲ ਮਿਲਾਪ ਹੋ ਜਾਣਾ।
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬਾਨ ਕਹਿੰਦੇ ਹਨ-
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ।।
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ।।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਅੰਦਰ ਕਹਿੰਦੇ ਹਨ ਕਿ ਹੇ ਪਰਮਾਤਮਾ! ਜੇਕਰ ਕਿਸੇ ਨੂੰ ਸਤਿਸੰਗ ਮਿਲ ਜਾਂਦਾ ਹੈ ਤਾਂ ਉਹ ਤਰ ਜਾਂਦਾ ਹੈ। ਗੁਰੂ ਦੀ ਦਇਆ-ਮਿਹਰ ਦੇ ਦੁਆਰਾ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਤਰਾਂ ਸੁੱਕੀ ਲੱਕੜ ਹਰੀ ਭਰੀ ਹੋ ਜਾਂਦੀ ਹੈ। ਇਸ ਲਈ ਸੰਤਾਂ-ਮਹਾਂਪੁਰਸ਼ਾਂ ਨੇ ਸਤਿਸੰਗ ਦੀ ਬਹੁਤ ਮਹਿਮਾ ਗਾਈ ਹੈ। ਪਰ ਅੱਜ ਦਾ ਇਨਸਾਨ ਸਤਿਸੰਗ ਦੀ ਪਰਿਭਾਸ਼ਾ ਤੋਂ ਅਨਜਾਣ ਹੈ ਕਿ ਸਤਿਸੰਗ ਕਿਸ ਨੂੰ ਕਹਿੰਦੇ ਹਨ? ਹਰ ਇਨਸਾਨ ਤਕਰੀਬਨ ਇਹੀ ਧਾਰਨਾ ਰੱਖਦਾ ਹੈ ਕਿ ਜਿੱਥੇ ਕੁਝ ਲੋਕ ਇਕੱਠੇ ਹੋ ਗਏ ਤੇ ਪਰਮਾਤਮਾ ਦੀ ਚਰਚਾ ਜਾਂ ਕੋਈ ਕਥਾ ਕਰ ਲਈ, ਬਸ ਇਹੀ ਸਤਿਸੰਗ ਹੈ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਅੰਦਰ ਲਿਖਦੇ ਹਨ-
ਸਤਸੰਗਤਿ ਕੈਸੀ ਜਾਣੀਐ।। ਜਿਥੈ ਏਕੋ ਨਾਮੁ ਵਖਾਣੀਐ।।
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ।।

ਗੁਰੂ ਸਾਹਿਬਾਨ ਕਹਿੰਦੇ ਹਨ, ਸਤਿਸੰਗਤ ਕਿਸ ਤਰਾਂ ਦੀ ਹੋਣੀ ਚਾਹੀਦੀ ਹੈ, ਜਿੱਥੇ ਕਿ ਪਰਮਾਤਮਾ ਦੇ ਉਸ ਇਕ ਨਾਮ ਨੂੰ ਦਿਖਾ ਦਿੱਤਾ ਜਾਂਦਾ ਹੋਵੇ। ਉਹ ਇਕ ਨਾਮ ਹੀ ਪਰਮਾਤਮਾ ਦਾ ਹੁਕਮ ਹੈ ਅਤੇ ਉਸ ਨਾਮ ਨੂੰ ਇਕ ਪੂਰਨ ਸਤਿਗੁਰੂ ਜਣਾ ਦਿੰਦਾ ਹੈ। ਇਸ ਲਈ ਸਾਡੇ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜੇਕਰ ਜੀਵਨ ਦੇ ਅੰਦਰ ਕੋਈ ਇਨਸਾਨ ਸਤਿਸੰਗ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਇਕ ਪੂਰਨ ਸਤਿਗੁਰੂ ਦੀ ਸ਼ਰਨ ਦੇ ਅੰਦਰ ਜਾਣਾ ਪਵੇਗਾ।
  

No comments:

Post a Comment